ਦੱਖਣੀ ਆਕਲੈਂਡ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਟਾਕਾਨਿਨੀ ਵਿਖੇ ਅੱਜ ਇੱਕ ਸੁਪਰਮਾਰਕੀਟ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਪੁਲਿਸ ਨੂੰ ਲੁੱਟ ਦੀ ਘਟਨਾ ਦੀ ਖਬਰ ਪੇਰੀਕੋ ਵੇਅ ਇਲਾਕੇ ਦੀ ਸੁਪਰਮਾਰਕੀਟ ‘ਤੇ 1.30 ਵਜੇ ਮਿਲੀ ਸੀ। ਲੁਟੇਰੇ ਚੋਰੀ ਦੀ ਗੱਡੀ ਵਿੱਚ ਸੁਪਰਮਾਰਕੀਟ ਤੋਂ ਕਾਫੀ ਸਮਾਨ ਆਪਣੇ ਨਾਲ ਲੈ ਜਾਣ ਵਿੱਚ ਸਫਲ ਹੋ ਗਏ ਸਨ, ਪਰ ਬਾਅਦ ਵਿੱਚ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮੱਦਦ ਨਾਲ ਮੈਨੂਰੇਵਾ ਦੇ ਗਰੇਂਡ ਵੁਏ ਰੋਡ ‘ਤੇ ਲੁਟੇਰਿਆਂ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਕੀਤੀ ਤੇ ਗ੍ਰਿਫਤਾਰੀ ਪਾਈ।
ਇਨ੍ਹਾਂ ਲੁਟੇਰਿਆਂ ਦੀ ਉਮਰ 14 ਤੋਂ 18 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ।
ਕਾਉਂਟੀ ਮੈਨੂਕਾਊ ਸਾਊਥ ਏਰੀਆ ਕਮਾਂਡਰ ਇੰਸਪੈਕਟਰ ਜੋਅ ਹੰਟਰ ਨੇ ਇਨ੍ਹਾਂ ਲੁਟੇਰਿਆਂ ਦੀ ਹੋਈ ਤੁਰੰਤ ਗ੍ਰਿਫਤਾਰੀ ਬਾਰੇ ਸੰਤੁਸ਼ਟੀ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਤੁਰੰਤ ਕਾਰਵਾਈ ਨਾਲ ਭਾਈਚਾਰੇ ਨੂੰ ਇਹ ਤੱਸਲੀ ਹੋਏਗੀ ਕਿ ਪੁਲਿਸ ਉਨ੍ਹਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ।