ਇਮੀਗਰੇਸ਼ਨ ਨਿਊਜ਼ੀਲੈਂਡ ਨੇ ਟੈਂਪਰੇਰੀ ਵਰਕਰਾਂ ਦੇ ਹੱਕ ‘ਚ ਦੋ ਹੋਰ ਮਹੱਤਵਪੂਰਨ ਨਵੀਂਆਂ ਵੀਜ਼ਾ ਤਬਦੀਲੀਆਂ ਕਰ ਦਿੱਤੀਆਂ ਹਨ, ਜਿਸ ਨਾਲ ਅਜਿਹੇ ਲੋਕਾਂ ਨੂੰ ਫਾਇਦਾ ਮਿਲਣ ਦੀਆਂ ਸੰਭਾਵਨਾਵਾਂ ਹਨ, ਪਿਛਲੇ ਸਮੇਂ ਤੋਂ ਕੰਮ ਕਰਨ ਵਾਸਤੇ ਨਿਊਜ਼ੀਲੈਂਡ ਆਏ ਹੋਏ ਹਨ।
ਪਹਿਲੀ ਤਬਦੀਲੀ ਅਨੁਸਾਰ ਟੈਂਪਰੇਰੀ ਵੀਜ਼ੇ ਵਾਲੇ ਪਰਿਵਾਰਾਂ ਦੇ ਘਰੇਲੂ ਹਿੰਸਾ ਦੇ ਪੀੜਿਤਾਂ ਨੂੰ ਛੇ ਮਹੀਨੇ ਦਾ ਵਰਕ ਵੀਜ਼ਾ ਮਿਲ ਸਕੇਗਾ। ਜਦੋਂ ਕਿ ਹੁਣ ਤੱਕ ਸਿਰਫ਼ ਸਿਟੀਜ਼ਨਜ ਅਤੇ ਪਰਮਾਨੈਂਟ ਰੈਜੀਡੈਂਟਸ ਦੇ ਸਪਾਊਜ਼ਸ ਨੂੰ ਹੀ ‘ਫੈਮਿਲੀ ਵਾਇਉਲੈਂਸ ਵਿਕਟਮ ਵਰਕ ਵੀਜ਼ਾ’ ਲਈ ਯੋਗ ਮੰਨਿਆ ਜਾਂਦਾ ਸੀ। ਇਸੇ ਤਰ੍ਹਾਂ ਦੂਜੀ ਤਬਦੀਲੀ ਤਹਿਤ ਨਿਊਜ਼ੀਲੈਂਡ ‘ਚ ਕੰਮ ਕਰ ਰਹੇ ਪਰਵਾਸੀ ਕਾਮੇ ਆਪਣੇ ਔਨ ਸ਼ੋਰ ਜਾਂ ਔਫ ਸ਼ੋਰ ਰਹਿ ਰਹੇ ਸਪਾਊਜ਼ਸ ਨੂੰ ਵਰਕ ਵੀਜ਼ਾ ਦਿਵਾ ਸਕਣਗੇ।
ਇਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਅਨੁਸਾਰ ਪਹਿਲੀ ਤਬਦੀਲੀ ਅੱਜ ਤੋਂ ਲਾਗੂ ਹੋ ਜਾਵੇਗੀ, ਜਿਸ ਅਨੁਸਾਰ ਟੈਂਪਰੇਰੀ ਮਾਈਗਰੈਂਟ ਵਰਕਰਾਂ ਦੇ ਪਰਿਵਾਰਾਂ ਚ ਘਰੇਲੂ ਹਿੰਸਾ (ਫੈਮਿਲੀ ਵਾਇਉਲੈਂਸ) ਦੇ ਸ਼ਿਕਾਰ ਟੈਂਪਰੇਰੀ ਵੀਜ਼ੇ ਵਾਲਿਆਂ ਨੂੰ 6 ਮਹੀਨੇ ਦਾ ਇੰਡੀਪੈਂਡੈਂਟ ਵਰਕ ਵੀਜ਼ਾ ਦਿੱਤਾ ਜਾਵੇਗਾ, ਜਿਸਦਾ ਉਸਦੇ ਪਾਰਟਨਰ ਦੇ ਵੀਜ਼ੇ ਨਾਲ ਕੋਈ ਸਬੰਧ ਨਹੀਂ ਹੋਵੇਗਾ। ਇਮੀਗਰੇਸ਼ਨ ਮਨਿਸਟਰ ਨੇ ਸਪੱਸ਼ਟ ਕੀਤਾ ਕਿ ‘ਵਿਕਟਮਜ ਆਫ ਫੈਮਿਲੀ ਵਾਇਉਲੈਂਸ ਵਰਕ ਵੀਜ਼ਾ’ ਦਾ ਘੇਰਾ ਇਸ ਕਰਕੇ ਵਧਾਇਆ ਗਿਆ ਹੈ ਤਾਂ ਜੋ ਟੈਂਪਰੇਰੀ ਵਰਕ ਵੀਜ਼ੇ ਵਾਲੇ ਪਰਿਵਾਰਾਂ ਦੇ ਪੀੜਿਤ ਮੈਂਬਰਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ, ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹਨ।
ਇਸ ਦਿਸ਼ਾ ਵੱਲ ਸਰਕਾਰ ਨੇ ਪਹਿਲਾ ਕਦਮ ਚੁੱਕਿਆ ਹੈ ਅਤੇ ਘਰੇਲੂ ਹਿੰਸਾ ਨੂੰ ਘਟਾਉਣ ਲਈ ਹੋਰ ਕਦਮ ਚੁੱਕਣ ਬਾਰੇ ਵੀ ਯੋਜਨਾ ਬਣਾਈ ਗਈ ਹੈ। ਇਮੀਗਰੇਸ਼ਨ ਮਨਿਸਟਰ ਅਨੁਸਾਰ ਟੈਂਪਰੇਰੀ ਵਰਕਰਾਂ ਦੇ ਪਾਰਟਨਰ ਵਰਕ ਵੀਜ਼ਾ ਨਾਲ ਸਬੰਧਤ ਦੂਜੀ ਤਬਦੀਲੀ 31 ਮਾਰਚ 2023 ਤੋਂ ਲਾਗੂ ਹੋ ਜਾਵੇਗੀ। ਜਿਸ ਅਨੁਸਾਰ ਕੁੱਝ ਸ਼ਰਤਾਂ ਤਹਿਤ ਪਾਰਟਨਰ ਦਾ ਵਰਕ ਵੀਜ਼ਾ ਅਪਲਾਈ ਕੀਤਾ ਜਾ ਸਕੇਗਾ। ਪਾਰਟਰਨ ਔਫਸ਼ੋਰ ਤੋਂ ਵਰਕ ਵੀਜ਼ਾ ਅਪਲਾਈ ਕਰ ਸਕਣਗੇ ਅਤੇ ਕਿਸੇ ਐਕਰੀਡਿਟਡ ਇੰਪਲੋਏਅਰ ਲਈ ਕੰਮ ਕਰ ਸਕਣਗੇ।
ਪਰ ਵੀਜ਼ਾ ਅਪਲਾਈ ਕਰਨ ਵਾਸਤੇ ਕੋਈ ਜੌਬ ਜਾਂ ਜੌਬ ਔਫ਼ਰ ਦੀ ਸ਼ਰਤ ਨਹੀਂ ਹੋਵੇਗੀ। ਵੀਜ਼ੇ ਤੋਂ ਬਾਅਦ ਜੇ ਕੋਈ ਵਰਕਰ ਜੌਬ ਬਦਲਦਾ ਵੀ ਹੈ ਤਾਂ ਉਸ ਵਾਸਤੇ ਇਮੀਗਰੇਸ਼ਨ ਕੋਲ ਜਾਣ ਦੀ ਲੋੜ ਨਹੀਂ। ਇੰਪਲੋਏਅਰ ਵੀ ਕਿਸੇ ਦੇ ਪਾਰਟਨਰ ਨੂੰ ਕੰਮਤੇ ਰੱਖ ਸਕਣਗੇ ਪਰ ਲੋੜੀਂਦਾ ਤਨਖ਼ਾਹ (‘ਪੇਅਮੈਂਟ ਥਰੈਸ਼ਹੋਲਡ’) ਦੇਣੀ ਜ਼ਰੂਰੀ ਹੋਵੇਗੀ, ਜੋ ਆਮ ਕਰਕੇ ਮੀਡੀਅਨ ਵੇਜ ਹੁੰਦੀ ਹੈ।
ਮਾਈਕਲ ਵੁੱਡ ਨੇ ਦੱਸਿਆ ਕਿ ਗਰੀਨ ਲਿਸਟ ਜਾਂ ਮੀਡੀਅਨ ਵੇਜ ਤੋਂ ਦੁਗਣੀ ਤਨਖ਼ਾਹ ਲੈਣ ਵਾਲੇ ਕਾਮਿਆਂ ਦੇ ਪਾਰਟਨਰ ਪਹਿਲਾਂ ਦੀ ਤਰ੍ਹਾਂ Eਪਨ ਵਰਕ ਵੀਜ਼ੇ ਲਈ ਹੱਕਦਾਰ ਰਹਿਣਗੇ, ਕਿਉਂਕਿ ਸਕਿਲਡ ਵਰਕਰਾਂ ਨੂੰ ਨਿਊਜ਼ੀਲੈਂਡ ਵੱਲ ਖਿੱਚਣ ਅਤੇ ਟਿਕਾਈ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਹਾਲਾਂਕਿ ਨਿਊਜ਼ੀਲੈਂਡ ਸਿਟੀਜ਼ਨਜ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੇ ਸਪਾਊਜ਼ ਵੀ ਪਹਿਲਾਂ ਤੋਂ ਹੀ ਵਰਕ ਵੀਜ਼ੇ ਦੇ ਹੱਕਦਾਰ ਹਨ।