29 ਜੂਨ, 2025 ਦੀ ਰਾਤ ਹੈਂਡਰਸਨ ਸਥਿਤ ਡਾਕੂ ਕਬਾਬ ਰੈਸਟੋਰੈਂਟ ਵਿੱਚ ਤਨਖਾਹ ਵਿਵਾਦ ਨੂੰ ਲੈ ਕੇ ਇੱਕ ਭਾਰਤੀ ਨੌਜਵਾਨ ‘ਤੇ ਕਥਿਤ ਤੌਰ ‘ਤੇ ਕਬਾਬ ਰਾਡ ਅਤੇ ਰੋਲਿੰਗ ਪਿੰਨ ਨਾਲ ਹਮਲਾ ਕੀਤਾ ਗਿਆ। 27 ਸਾਲਾ ਸਿੰਘ (ਜਿਨ੍ਹਾਂ ਦਾ ਪਹਿਲਾ ਨਾਂ ਪਰਿਵਾਰ ਦੀ ਮਰਜ਼ੀ ਅਨੁਸਾਰ ਗੁਪਤ ਰੱਖਿਆ ਗਿਆ ਹੈ) ਨੂੰ ਘੰਭੀਰ ਸੱਟਾਂ ਦੇ ਨਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਤਿੰਨ ਘੰਟਿਆਂ ਦੀ ਆਰਥੋਪੀਡਿਕ ਸਰਜਰੀ ਹੋਈ।
ਸਿੰਘ ਦੇ ਪਰਿਵਾਰ ਦੇ ਅਨੁਸਾਰ, ਉਨ੍ਹਾਂ ਦੇ ਖੱਬੇ ਪੈਰ ਵਿੱਚ ਤਿੰਨ ਫ੍ਰੈਕਚਰ, ਨੱਕ ਦੀ ਹੱਡੀ, ਉਂਗਲਾਂ, ਅਤੇ ਛਾਤੀ ਵਿੱਚ ਸੱਟਾਂ ਸਮੇਤ ਕਈ ਹੋਰ ਗੰਭੀਰ ਚੋਟਾਂ ਆਈਆਂ। ਹਮਲੇ ਦੌਰਾਨ ਮਾਲਕ ਨੇ ਉਨ੍ਹਾਂ ਦਾ ਫ਼ੋਨ ਵੀ ਖੋਹ ਲਿਆ ਸੀ, ਜਿਸ ਵਿੱਚ ਤਨਖਾਹ ਨਾ ਮਿਲਣ ਦੇ ਸਬੂਤ ਮੌਜੂਦ ਸਨ।
ਪਰਿਵਾਰ ਨੇ ਦੱਸਿਆ ਕਿ ਹਮਲਾ ਉਸ ਵੇਲੇ ਹੋਇਆ ਜਦੋਂ ਸਿੰਘ ਨੇ ਆਪਣੀ 10 ਹਫ਼ਤਿਆਂ ਦੀ ਬਕਾਇਆ ਤਨਖਾਹ ਦੀ ਮੰਗ ਕੀਤੀ। “ਮਾਲਕ ਨੇ ਰਾਤ 11 ਵਜੇ ਦੇ ਕਰੀਬ ਕਿਹਾ – ‘ਪਿੱਛੇ ਆ, ਗੱਲ ਕਰਨੀ ਹੈ’, ਅਤੇ ਫਿਰ ਹਮਲਾ ਕਰ ਦਿੱਤਾ,” ਪਰਿਵਾਰ ਨੇ ਦੱਸਿਆ।
ਮਾਲਕ ਅਤੇ ਹੋਰ ਪੰਜ ਲੋਕਾਂ ਵਲੋਂ ਹਮਲੇ ਤੋਂ ਬਾਅਦ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਬੇਹੋਸ਼ ਹਾਲਤ ਵਿੱਚ ਰਸਤੇ ‘ਤੇ ਡਿੱਗ ਗਿਆ।
ਉਨ੍ਹਾਂ ਨੂੰ ਸਵੇਰੇ 2.30 ਵਜੇ ਸਫਾਈ ਕਰਮਚਾਰੀਆਂ ਵਲੋਂ ਲੱਭਿਆ ਗਿਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਮੌਜੂਦ ਦੋਸਤਾਂ ਨੇ ਵੀ ਕਿਹਾ ਕਿ ਇਹ ਪਹਿਲਾ ਹਮਲਾ ਨਹੀਂ ਸੀ — ਤਿੰਨ ਮਹੀਨੇ ਪਹਿਲਾਂ ਵੀ ਸਿਰਫ਼ ਤਨਖਾਹ ਮੰਗਣ ‘ਤੇ ਮਾਲਕ ਵਲੋਂ ਥੱਪੜ ਮਾਰਿਆ ਗਿਆ ਸੀ।
ਸਿੰਘ, ਜੋ ਕਿ ਅਬੋਹਰ, ਭਾਰਤ ਦਾ ਰਹਿਣ ਵਾਲਾ ਹੈ, ਅਗਸਤ 2023 ਵਿੱਚ ਵਰਕ ਵੀਜ਼ਾ ‘ਤੇ ਨਿਊਜ਼ੀਲੈਂਡ ਆਇਆ ਸੀ। ਪਰਿਵਾਰ ਦੇ ਅਨੁਸਾਰ, ਉਸ ਤੋਂ 17 ਘੰਟਿਆਂ ਦੀਆਂ ਲੰਬੀਆਂ ਸ਼ਿਫਟਾਂ ਵਿੱਚ ਕੰਮ ਲਿਆ ਜਾਂਦਾ ਸੀ ਅਤੇ ਪੈਸਿਆਂ ਦੀ ਭੁਗਤਾਨੀ ਸਮੇਂ ‘ਤੇ ਨਹੀਂ ਹੁੰਦੀ ਸੀ।










