ਵੰਗਾਰੇਈ ਹਸਪਤਾਲ ਦੇ ਸਟਾਫ਼ ਕਾਰਪਾਰਕ ਵਿੱਚ ਪਿਛਲੇ ਹਫ਼ਤੇ ਲੱਗੀ ਅੱਗ ਦੇ ਮਾਮਲੇ ‘ਚ ਹੈਲਥ ਨਿਊਜ਼ੀਲੈਂਡ ਤੇ ਵਾਟੂ ਔਰਾ (Health NZ Te Whatu Ora) ਨੇ ਅੱਜ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ, ਤਾਂ ਜੋ ਔਨਲਾਈਨ ਚੱਲ ਰਹੀਆਂ ਅਫ਼ਵਾਹਾਂ ਅਤੇ ਗਲਤ ਜਾਣਕਾਰੀਆਂ ‘ਤੇ ਰੋਕ ਲੱਗ ਸਕੇ।
ਇਹ ਅੱਗ 21 ਅਕਤੂਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਲੱਗੀ ਸੀ, ਜਿਸ ‘ਚ ਲਗਭਗ 28 ਗੱਡੀਆਂ ਨੁਕਸਾਨਗ੍ਰਸਤ ਹੋਈਆਂ। ਅੱਗ ਦਾ ਧੂੰਆ ਸ਼ਹਿਰ ਦੇ ਕਈ ਹਿੱਸਿਆਂ ਤੋਂ ਦਿਖਾਈ ਦੇ ਰਿਹਾ ਸੀ।
ਫੁਟੇਜ ਮੁਤਾਬਕ, ਇਹ ਹਾਦਸਾ ਇੱਕ ਡੀਜ਼ਲ ਵਾਹਨ ਦੇ ਸੁੱਕੀ ਘਾਹ ਉੱਤੇ ਖੜ੍ਹੇ ਹੋਣ ਕਾਰਨ ਸ਼ੁਰੂ ਹੋਇਆ। ਡੀਜ਼ਲ ਵਾਹਨਾਂ ਦੇ ਪਾਰਟੀਕੂਲੇਟ ਫ਼ਿਲਟਰ ਕਈ ਵਾਰ 800 ਡਿਗਰੀ ਸੈਲਸੀਅਸ ਤੱਕ ਗਰਮ ਹੋ ਸਕਦੇ ਹਨ, ਜਿਸ ਨਾਲ ਅੱਗ ਤੇਜ਼ੀ ਨਾਲ ਫੈਲ ਗਈ।
ਹੈਲਥ ਐਨਜ਼ੀ ਦੇ ਅਧਿਕਾਰੀ ਐਲੈਕਸ ਪਿਮ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕੋਈ ਵੀ ਸਟਾਫ਼ ਜਾਂ ਮਰੀਜ਼ ਜ਼ਖ਼ਮੀ ਨਹੀਂ ਹੋਇਆ, ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸਾਵਧਾਨੀ ਵਜੋਂ ਹੁਣ ਕਾਰਪਾਰਕ ‘ਚੋਂ ਸੁੱਕੀ ਘਾਹ ਹਟਾ ਦਿੱਤੀ ਗਈ ਹੈ ਅਤੇ ਭਵਿੱਖ ‘ਚ ਐਸੇ ਹਾਦਸੇ ਰੋਕਣ ਲਈ ਰਖ-ਰਖਾਅ ਦਾ ਕੰਮ ਵੀ ਪੂਰਾ ਕੀਤਾ ਗਿਆ ਹੈ।
ਵਾਂਗਾਰੇਈ ਹਸਪਤਾਲ ਵਿੱਚ ਅੱਗ ਲੱਗਣ ਕਾਰਨ 28 ਕਾਰਾਂ ਸੜਨ ਤੋਂ ਬਾਅਦ ਸੀਸੀਟੀਵੀ ਜਾਰੀ !









