ਭਾਰਤ ਨੇ ਬੁੱਧਵਾਰ ਨੂੰ ਇੱਥੇ ਸ਼ੇਰ-ਏ-ਬੰਗਲਾ ਸਟੇਡੀਅਮ ਵਿੱਚ ਦੂਜੇ ਮਹਿਲਾ ਵਨਡੇ ਵਿੱਚ ਬੰਗਲਾਦੇਸ਼ ਨੂੰ 108 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਭਾਰਤ ਨੇ ਜੇਮਿਮਾ ਰੌਡਰਿਗਜ਼ (86) ਅਤੇ ਕਪਤਾਨ ਹਰਮਨਪ੍ਰੀਤ ਕੌਰ (52) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਅੱਠ ਵਿਕਟਾਂ ‘ਤੇ 228 ਦੌੜਾਂ ਬਣਾਈਆਂ।
ਇਸ ਦੇ ਜਵਾਬ ‘ਚ ਬੰਗਲਾਦੇਸ਼ ਦੀ ਟੀਮ 35.1 ਓਵਰਾਂ ‘ਚ ਸਿਰਫ਼ 120 ਦੌੜਾਂ ‘ਤੇ ਹੀ ਢੇਰ ਹੋ ਗਈ। ਸਿਮ੍ਰਿਤੀ ਮੰਧਾਨਾ (36) ਅਤੇ ਹਰਲੀਨ ਦਿਓਲ (25) ਨੇ ਵੀ ਭਾਰਤ ਲਈ ਉਪਯੋਗੀ ਪਾਰੀਆਂ ਖੇਡੀਆਂ। ਬੰਗਲਾਦੇਸ਼ ਲਈ ਫਰਗਾਨਾ ਹੱਕ (47) ਅਤੇ ਰਿਤੂ ਮੰਡਲ (27) ਹੀ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕੇ। ਜੇਮਿਮਾ ਨੇ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਦੌੜਾਂ ਦੇ ਕੇ ਚਾਰ ਵਿਕਟਾਂ ਵੀ ਲਈਆਂ। ਤੀਜਾ ਅਤੇ ਆਖਰੀ ਵਨਡੇ ਸ਼ਨੀਵਾਰ ਨੂੰ ਇੱਥੇ ਖੇਡਿਆ ਜਾਵੇਗਾ।