India News

AAP ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਕੋਰਟ ਵਲੋਂ ਗ੍ਰਿਫਤਾਰ ਕਰਨ ਦੇ ਹੁਕਮ

ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (CJM) ਅਮਿਤ ਕੁਮਾਰ ਗਰਗ ਦੀ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਆਪ ਵਿਧਾਇਕ ਖ਼ਿਲਾਫ਼ ਇਹ ਆਦੇਸ਼ ਹਰਵਿੰਦਰ ਕੌਰ ਮਿੰਟੀ ਮਾਮਲੇ ਵਿਚ ਦਿੱਤੇ ਹਨ।

ਹਾਲ ਹੀ ਵਿੱਚ ਅਦਾਲਤ ਵਿੱਚ ਪੇਸ਼ੀ ਦੀ ਤਰੀਕ ਸੀ ਅਤੇ ਸ਼ੀਤਲ ਅੰਗੁਰਾਲ ਵਿਦੇਸ਼ ਚਲਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਵਿਦੇਸ਼ ਜਾਣ ਲਈ ਦਸਤਾਵੇਜ਼ਾਂ ਨਾਲ ਬੁਲਾਇਆ ਪਰ ਸ਼ੀਤਲ ਫਿਰ ਵੀ ਪੇਸ਼ ਨਹੀਂ ਹੋਇਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਿਤ ਕੁਮਾਰ ਗਰਗ ਦੀ ਅਦਾਲਤ ਵਿੱਚ ਸ਼ੀਤਲ ਅੰਗੁਰਾਲ ਖ਼ਿਲਾਫ਼ ਵਾਰੰਟ ਜਾਰੀ ਕਰਦਿਆਂ ਸਾਰੇ ਜ਼ਮਾਨਤੀ ਬਾਂਡ ਵੀ ਰੱਦ ਕਰ ਦਿੱਤੇ ਹਨ ਅਤੇ 24 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਫਿਰ ਸਮਾਜ ‘ਚ ਗਲਤ ਸੰਦੇਸ਼ ਜਾਵੇਗਾ

ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸ਼ੀਤਲ ਅੰਗੁਰਲ ਦਾ ਅਦਾਲਤ ਵਿੱਚ ਪੇਸ਼ ਨਾ ਹੋਣਾ ਨਿਆਂ ਪ੍ਰਣਾਲੀ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਉਹ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਲਈ ਦਿੱਤੀ ਜਾ ਰਹੀ ਰਿਆਇਤ ਦੀ ਦੁਰਵਰਤੋਂ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਰਿਹਾ ਤਾਂ ਇਸ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾਵੇਗਾ। ਦੱਸ ਦੇਈਏ ਕਿ 6 ਜੂਨ ਨੂੰ ਮਿੰਟੀ ਕੌਰ ਮਾਮਲੇ ‘ਚ ਵਿਧਾਇਕ ਅੰਗੁਰਾਲ ‘ਤੇ ਦੋਸ਼ ਆਇਦ ਕੀਤੇ ਗਏ ਸਨ। ਉਦੋਂ ਤੋਂ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।

ਛੇ ਸਾਲ ਪਹਿਲਾਂ ਦਿੱਤੀ ਸੀ ਸ਼ਿਕਾਇਤ

ਛੇ ਸਾਲ ਪਹਿਲਾਂ 18 ਮਈ 2017 ਨੂੰ ਹਰਵਿੰਦਰ ਕੌਰ ਮਿੰਟੀ ਨੇ ਭਾਜਪਾ ਆਗੂ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ, ਸ਼ੀਤਲ ਅੰਗੁਰਾਲ ਅਤੇ ਕੁਝ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਿੰਟੀ ਨੇ ਕਿਹਾ ਸੀ ਕਿ ਆਸ਼ੂ ਸਾਂਪਲਾ ਨਾਲ ਝਗੜੇ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਫੇਸਬੁੱਕ ‘ਤੇ ਉਸ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆਂ ਸਨ।

ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਅਤੇ ਸ਼ੀਤਲ ਅੰਗੁਰਾਲ ਖਿਲਾਫ ਮਾਮਲਾ ਦਰਜ ਕਰ ਲਿਆ। ਇਸੇ ਮਾਮਲੇ ਵਿੱਚ ਸ਼ੀਤਲ ਅੰਗੁਰਾਲ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।

Video