ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੰਮੇਲਨ 11, 12 ਅਤੇ 13 ਸਤੰਬਰ ਤੱਕ ਮੁਹਾਲੀ ਦੇ ਸੈਕਟਰ-82 ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਉਡੀਕ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਸਾਰਿਆਂ ਨੂੰ ਸੈਰ ਸਪਾਟਾ ਸੰਮੇਲਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੇਜ਼ਬਾਨ ਪੰਜਾਬ ਵੱਡੀਆਂ ਅੱਖਾਂ ਨਾਲ ਉਡੀਕ ਕਰ ਰਿਹਾ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਆਸ ਪ੍ਰਗਟਾਈ ਹੈ ਕਿ ਇਸ ਸੰਮੇਲਨ ਤੋਂ ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਕਾਫੀ ਲਾਭ ਮਿਲੇਗਾ।
ਪੰਜਾਬ ਸਰਕਾਰ ਆਪਣੇ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਤੋਂ ਸੂਬੇ ਵਿੱਚ ਵੱਡੇ ਨਿਵੇਸ਼ ਦੀ ਉਮੀਦ ਕਰ ਰਹੀ ਹੈ। ਸੂਬਾ ਸਰਕਾਰ ਨੇ ਮੁਹਾਲੀ ਸਮੇਤ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਕਈ ਸੈਰ ਸਪਾਟਾ ਸਥਾਨਾਂ ਦੀ ਸ਼ਨਾਖਤ ਕੀਤੀ ਹੈ, ਜਿੱਥੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ। ਅਜਿਹੀਆਂ ਥਾਵਾਂ ‘ਤੇ ਕਈ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਸਥਾਪਿਤ ਕੀਤੇ ਜਾ ਸਕਦੇ ਹਨ। ਵੰਡਰਲਾ ਗਰੁੱਪ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਮੋਹਾਲੀ ਵਿੱਚ ਥੀਮ ਪਾਰਕ ਅਤੇ ਵਾਟਰ ਸਪੋਰਟਸ ਸਥਾਪਿਤ ਕਰ ਸਕਦਾ ਹੈ।
ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਵਿੱਚ ਵੱਖ-ਵੱਖ ਰਾਜਾਂ ਦੇ ਉਦਯੋਗਪਤੀ ਸ਼ਾਮਲ ਹੋਣਗੇ। ਵੰਡਰਲਾ ਗਰੁੱਪ ਤੋਂ ਇਲਾਵਾ, ਕਲੱਬ ਮਹਿੰਦਰਾ ਮੋਹਾਲੀ ਜਾਂ ਇਸ ਦੇ ਆਲੇ-ਦੁਆਲੇ ਕਿਸੇ ਬਿਹਤਰ ਥਾਂ ਦੀ ਤਲਾਸ਼ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਵਿੱਚ ਥੀਮ ਪਾਰਕ ਅਤੇ ਵਾਟਰ ਸਪੋਰਟਸ ਪ੍ਰੋਜੈਕਟ ਤੋਂ ਇਲਾਵਾ ਪੰਜਾਬ ਸਰਕਾਰ ਸਹਿਮਤੀ ਬਣਨ ਅਤੇ ਐਮਓਯੂ ਸਾਈਨ ਹੋਣ ਤੋਂ ਬਾਅਦ ਹੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਵੇਗੀ।