India News

ਬਾਬਾ ਸੋਡਲ ਦੇ ਮੇਲੇ ਦੇ ਮੱਦੇ ਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਹੋਇਆ ਜਾਰੀ

ਸ੍ਰੀ ਸਿੱਧ ਬਾਬਾ ਸੋਡਲ ਜੀ ਦਾ ਸਲਾਨਾ ਮੇਲਾ 27 ਸਤੰਬਰ ਤੋਂ 29 ਸਤੰਬਰ ਤੱਕ ਸੋਡਲ ਮੰਦਰ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ।ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚਦੇ ਹਨ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇਸ ਮੇਲੇ ਲਈ ਜਿੱਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਉੱਥੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਹੈ।

ਪੁਲਿਸ ਵੱਲੋਂ ਜਾਰੀ ਕੀਤੇ ਗਏ ਰੂਟ ਪਲਾਨ ਮੁਤਾਬਿਕ ਮੇਲੇ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਪੁਲਿਸ ਵੱਲੋਂ ਦੁਆਬਾ ਚੌਂਕ, ਟਾਂਡਾ ਚੌਂਕ, ਚੰਦਨ ਨਗਰ ਰੇਲਵੇ ਕ੍ਰਾਸਿਗ, ਨਿਊ ਸਬਜ਼ੀ ਮੰਡੀ ਇੰਡਸਟਰੀ ਏਰੀਆ, ਰਾਮਨਗਰ ਫਾਟਕ, ਰੇਲਵੇ ਕਰਾਸਿੰਗ ਟਾਂਡਾ ਫਾਟਕ ,ਗਾਜੀਗੁਲਾ ਚੌਂਕ ਅਤੇ ਪਠਾਨਕੋਟ ਚੌਂਕ ਦਾ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ਰਧਾਲੂਆਂ ਦੇ ਵਾਹਨਾਂ ਦੀ ਪਾਰਕਿਗ ਲਈ ਵੀ ਸਥਾਨ ਨਿਰਧਾਰਿਤ ਕੀਤੇ ਗਏ ਹਨ। ਸ਼ਰਧਾਲੂ ਆਪਣੇ ਦੋ ਪਹੀਆਂ ਵਾਹਨ ਲੱਭੂ ਰਾਮ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਅੰਦਰ, ਦੇਵੀ ਸਹਾਏ ਐਸਡੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਚੰਦਨ ਨਗਰ ਫਾਟਕ ਅਤੇ ਮਿੰਨੀ ਸਬਜ਼ੀ ਮੰਡੀ ਸਈਪੁਰ ਰੋਡ ‘ਤੇ ਪਾਰਕ ਕਰਨਗੇ। ਇਸ ਦੇ ਨਾਲ-ਨਾਲ ਸ਼ਰਧਾਲੂ ਆਪਣੇ ਲਾਈਟ ਅਤੇ ਦੋ ਪਹੀਆ ਵਾਹਨ ਗਰੇਨ ਮਾਰਕੀਟ ਪੰਜਾਬ ਮੰਡੀ ਬੋਰਡ ਨੇੜੇ ਗਾਜੀਗੁਲਾ ਚੋਕ, ਲੀਡਰ ਫੈਕਟਰੀ ਨੇੜੇ ਥਾਣਾ ਇੱਕ ਅਤੇ ਦੁਆਬਾ ਚੌਂਕ ਤੋਂ ਦੇਵੀ ਤਲਾਬ ਮੰਦਿਰ ਵਾਲੀ ਰੋਡ ਦੀਆਂ ਦੋਨਾਂ ਸਾਈਡਾਂ ‘ਤੇ ਖੜ੍ਹੇ ਕਰ ਸਕਣਗੇ।

ਟ੍ਰੈਫਿਕ ਪੁਲਿਸ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਪੁਲਿਸ ਵੱਲੋਂ ਨਿਰਧਾਰਿਤ ਕੀਤੇ ਗਏ ਰਸਤਿਆਂ ਦੀ ਵਰਤੋਂ ਕਰਨ ਤਾਂ ਜੋ ਕਿਸੇ ਕਿਸਮ ਦੀ ਟ੍ਰੈਫਿਕ ਸਮੱਸਿਆ ਦੀ ਮੁਸ਼ਕਿਲ ਨਾ ਆਵੇ। ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟ੍ਰੈਫਿਕ ਪੁਲਿਸ ਹੈਲਪਲਾਈਨ ਨੰਬਰ 0181-2227296 ਤੇ ਸੰਪਰਕ ਕੀਤਾ ਜਾ ਸਕਦਾ ਹੈ।

Video