India News

ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਧੋਖਾਧੜੀ ਦਾ ਰੁਝਾਨ

ਅਜੋਕੇ ਦੌਰ ’ਚ ਸਮਾਰਟਫੋਨ ਹਰ ਵਿਅਕਤੀ ਲਈ ਇਕ ਜ਼ਰੂਰੀ ਲੋੜ ਬਣ ਚੁੱਕਾ ਹੈ। ਜਿਸ ਕੋਲ ਸਮਾਰਟਫੋਨ ਹੈ, ਉਹ ਸੋਸ਼ਲ ਮੀਡੀਆ ਨਾਲ ਵੀ ਜੁੜਿਆ ਹੁੰਦਾ ਹੈ। ਸ਼ਾਇਦ ਹੀ ਕੋਈ ਹੋਵੇਗਾ ਕਿ ਉਸ ਕੋਲ ਸਮਾਰਟਫੋਨ ਹੋਵੇ ਪਰ ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ ’ਤੇ ਉਸ ਦਾ ਖਾਤਾ ਨਾ ਹੋਵੇ।

ਸਭ ਸਮਾਰਟਫੋਨਾਂ ’ਚ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਦੀਆਂ ਐਪਸ ਪ੍ਰੀ-ਲੋਡਡ ਹੀ ਹੁੰਦੀਆਂ ਹਨ। ਇਨ੍ਹਾਂ ’ਚੋਂ ਫੇਸਬੁੱਕ, ਇੰਸਟਾਗ੍ਰਾਮ ਆਦਿ ਮੁੱਖ ਰੂਪ ਵਿਚ ਦੋ ਪ੍ਰਚਲਿਤ ਐਪਸ ਹਨ। ਇਨ੍ਹਾਂ ’ਤੇ ਅਕਸਰ ਅਨਜਾਣ ਲੋਕਾਂ ਦੀਆਂ ਮਿੱਤਰਤਾ ਲਈ ਬੇਨਤੀਆਂ ਆਉਂਦੀਆਂ ਰਹਿੰਦੀਆਂ ਹਨ ਤੇ ਆਮ ਤੌਰ ’ਤੇ ਅਸੀਂ ਇਹ ਬੇਨਤੀਆਂ ਪ੍ਰਵਾਨ ਕਰ ਲੈਂਦੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸੋਸ਼ਲ ਮੀਡੀਆ ਖਾਤੇ ਨਕਲੀ ਵੀ ਹੋ ਸਕਦੇ ਹਨ ਜੋ ਚੁੱਪ ਰਹਿ ਕੇ ਤੁਹਾਡੀਆਂ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਨ।

ਤੁਹਾਡੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰ ਕੇ ਤੁਹਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਤਰ੍ਹਾਂ ਤੁਹਾਡੀ ਜਾਣਕਾਰੀ ਚੋਰੀ ਕਰ ਕੇ, ਸੁਨੇਹੇ ਭੇਜ ਕੇ ਠੱਗਣ ਦੀ ਕੋਸ਼ਿਸ਼ ਕਰਦੇ ਹਨ ਜਾਂ ਤੁਹਾਡਾ ਸੋਸ਼ਲ ਮੀਡੀਆ ਖਾਤਾ ਹੈਕ ਕਰ ਸਕਦੇ ਹਨ ਅਤੇ ਤੁਹਾਡਾ ਬੈਂਕ ਖਾਤਾ ਖ਼ਾਲੀ ਕਰ ਸਕਦੇ ਹਨ। ਚੇਤੇ ਰੱਖੋ ਕਿ ਅਨਜਾਣ ਕੁੜੀਆਂ ਦੀਆਂ ਜਦ ਦੋਸਤੀ ਲਈ ਬੇਨਤੀਆਂ ਆਉਂਦੀਆਂ ਹਨ ਤਾਂ ਇਹ ਆਮ ਤੌਰ ’ਤੇ ਨਕਲੀ ਆਈਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਚਲਾਉਣ ਵਾਲੇ ਮਰਦ ਹੀ ਹੁੰਦੇ ਹਨ। ਇਹ ਵੱਡੀ ਗਿਣਤੀ ’ਚ ਲੋਕਾਂ ਨੂੰ ਰਿਕੁਐਸਟ (ਬੇਨਤੀ) ਭੇਜਦੇ ਹਨ ਜਾਂ ਫਾਲੋ ਕਰਦੇ ਹਨ ਜਦਕਿ ਇਨ੍ਹਾਂ ਨੂੰ ਫਾਲੋ ਕਰਨ ਵਾਲੇ ਨਾਮਾਤਰ ਹੁੰਦੇ ਹਨ। ਇਸ ਲਈ ਪ੍ਰੋਫਾਈਲ ’ਤੇ ਲੱਗੀ ਹੋਈ ਤਸਵੀਰ ਨੂੰ ਗੂਗਲ ਜ਼ਰੀਰੇ ਸਕੈਨ ਕਰ ਕੇ ਪਤਾ ਲੱਗ ਸਕਦਾ ਹੈ ਕਿ ਸਬੰਧਤ ਫੋਟੋ ਕਿੱਥੋਂ ਲਈ ਗਈ ਹੈ।

ਤੁਹਾਡੇ ਨਾਲ ਦੋਸਤ ਐਡ ਹੋ ਜਾਣ ਤੋਂ ਬਾਅਦ ਤੁਹਾਨੂੰ ਸੁਨੇਹੇ ਭੇਜੇ ਜਾਂਦੇ ਹਨ ਜਿਵੇਂ ਕਿ ਤੁਸੀਂ ਘਰ ਬੈਠੇ ਪੈਸੇ ਕਮਾ ਸਕਦੇ ਹੋ, ਤੁਹਾਡੀ ਲਾਟਰੀ ਲੱਗ ਗਈ ਹੈ ਜਾਂ ਉਹ ਤੁਹਾਨੂੰ ਕੁਝ ਤੋਹਫ਼ੇ ਭੇਜਣਾ ਚਾਹੁੰਦੇ ਹਨ ਤੇ ਜਾਂ ਫਿਰ ਕਿਸੇ ਲਿੰਕ ਉੱਤੇ ਕਲਿੱਕ ਕਰਨ ਨੂੰ ਕਹਿਣਗੇ ਤਾਂ ਤੁਰੰਤ ਸਾਵਧਾਨ ਹੋ ਜਾਣ ਦੀ ਲੋੜ ਹੁੰਦੀ ਹੈ। ਇਸ ਸਭ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਜਿਹੇ ਨਕਲੀ ਖਾਤਿਆਂ ਤੋਂ ਆਈਆਂ ਹੋਈਆਂ ਮਿੱਤਰਤਾ ਲਈ ਬੇਨਤੀਆਂ ਨੂੰ ਹਟਾ ਦਿਉ। ਜੇ ਗ਼ਲਤੀ ਨਾਲ ਐਡ ਹੋ ਗਏ ਨੇ ਤਾਂ ਇਨ੍ਹਾਂ ਦੇ ਪ੍ਰੋਫਾਈਲ ’ਤੇ ਜਾ ਕੇ ਅਨਫ੍ਰੈਂਡ ਕਰ ਦਿਉ ਜਾਂ ਅਨਫਾਲੋ ਕਰ ਦਿੱਤਾ ਜਾਵੇ।

ਸ਼ੱਕੀ ਪ੍ਰੋਫਾਈਲ ਨੂੰ ਰਿਪੋਰਟ ਜਾਂ ਬਲਾਕ ਕਰ ਦਿਉ। ਚੈਟਿੰਗ ਕਰਦੇ ਹੋਏ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਕਰਨ ਤੋਂ ਗੁਰੇਜ਼ ਕਰੋ। ਇਕ ਰਿਪੋਰਟ ਮੁਤਾਬਕ ਫੇਸਬੁੱਕ ਨੇ ਵਿਸ਼ਵ ਭਰ ’ਚ ਸਾਲ 2022 ਦੀ ਚੌਥੀ ਤਿਮਾਹੀ ਵਿਚ 1.3 ਬਿਲੀਅਨ ਨਕਲੀ ਖਾਤੇ ਬੰਦ ਕੀਤੇ ਹਨ ਜਦਕਿ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 1.5 ਬਿਲੀਅਨ ਨਕਲੀ ਖਾਤੇ ਬੰਦ ਕੀਤੇ ਸਨ। ਸੋ ਸਾਵਧਾਨ ਰਹੋ, ਸੁਚੇਤ ਰਹੋ।

Video