India News

ਮਨੀਪੁਰ ਹਿੰਸਾ ਬਾਰੇ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ, ਬੋਲੇ..ਇਹ ਸੋਚੀ-ਸਮਝੀ ਸਾਜ਼ਿਸ਼…ਇਸ ਦਾ ਕਿਸ ਨੂੰ ਫਾਇਦਾ?

ਮਨੀਪੁਰ ਹਿੰਸਾ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਨਾਗਪੁਰ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਮਨੀਪੁਰ ਵਿੱਚ ਹੋਈ ਜਾਤੀ ਹਿੰਸਾ ਸੋਚੀ ਸਮਝੀ ਸਾਜ਼ਿਸ਼ ਸੀ। ਉਨ੍ਹਾਂ ਉੱਤਰ-ਪੂਰਬੀ ਰਾਜ ਦੀ ਸਥਿਤੀ ਲਈ ‘ਬਾਹਰੀ ਤਾਕਤਾਂ’ ਨੂੰ ਜ਼ਿੰਮੇਵਾਰ ਦੱਸਿਆ। 

ਭਾਗਵਤ ਨੇ ਪੁੱਛਿਆ, ‘‘ਮੈਤੇਈ ਤੇ ਕੁਕੀ ਭਾਈਚਾਰਿਆਂ ਦੇ ਲੋਕ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਇਹ ਇੱਕ ਸਰਹੱਦੀ ਰਾਜ ਹੈ। ਅਜਿਹੇ ਵੱਖਵਾਦ ਤੇ ਅੰਦਰੂਨੀ ਕਲੇਸ਼ ਦਾ ਫਾਇਦਾ ਕਿਸ ਨੂੰ ਹੁੰਦਾ ਹੈ? ਬਾਹਰੀ ਤਾਕਤਾਂ ਨੂੰ ਵੀ ਫਾਇਦਾ ਹੁੰਦਾ ਹੈ। ਉਥੇ ਜੋ ਕੁਝ ਵੀ ਹੋਇਆ, ਕੀ ਉਸ ਵਿੱਚ ਬਾਹਰਲੇ ਲੋਕ ਸ਼ਾਮਲ ਸਨ?’’

ਉਨ੍ਹਾਂ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਵਨਾਵਾਂ ਭੜਕਾ ਕੇ ਵੋਟਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਕੀਤਾ। ਭਾਗਵਤ ਨੇ ਲੋਕਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ, ਪਛਾਣ ਤੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣ ਦਾ ਸੱਦਾ ਦਿੱਤਾ। 

ਨਾਗਪੁਰ ਵਿੱਚ ਆਰਐਸਐਸ ਦੀ ਦਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਦੋਸ਼ ਲਾਇਆ ਕਿ ਕਲਚਰਲ ਮਾਰਕਸਵਾਦੀ ਤੇ ਜਾਗਰੂਕ ਤੱਤ ਦੇਸ਼ ਦੀ ਸਿੱਖਿਆ ਤੇ ਸੱਭਿਆਚਾਰ ਨੂੰ ਬਰਬਾਦ ਕਰਨ ਲਈ ਮੀਡੀਆ ਅਤੇ ਅਕਾਦਮਿਕ ਖੇਤਰ ਵਿੱਚ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਮੰਦਰ ’ਚ ਭਗਵਾਨ ਰਾਮ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ ਤੇ ਇਸ ਮੌਕੇ ਜਸ਼ਨ ਮਨਾਉਣ ਲਈ ਲੋਕਾਂ ਨੂੰ ਦੇਸ਼ ਭਰ ਦੇ ਮੰਦਰਾਂ ’ਚ ਸਮਾਗਮ ਕਰਵਾਉਣੇ ਚਾਹੀਦੇ ਹਨ। 

ਮਨੀਪੁਰ ਦੀ ਸਥਿਤੀ ’ਤੇ ਆਰਐੱਸਐੱਸ ਮੁਖੀ ਨੇ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਲਈ ਮਨੀਪੁਰ ਵਿੱਚ ਸਨ। ਅਸਲ ਵਿੱਚ ਸੰਘਰਸ਼ ਨੂੰ ਕਿਸ ਨੇ ਵਧਾਇਆ? ਇਹ (ਹਿੰਸਾ) ਹੋ ਨਹੀਂ ਰਹੀ, ਇਸ ਨੂੰ ਕਰਵਾਇਆ ਜਾ ਰਿਹਾ ਹੈ।’’ ਉਨਾਂ ਪੁੱਛਿਆ, “ਮਨੀਪੁਰ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਦਾ ਫਾਇਦਾ ਚੁੱਕਣ ਵਿੱਚ ਕਿਹੜੀਆਂ ਵਿਦੇਸ਼ੀ ਤਾਕਤਾਂ ਦੀ ਦਿਲਚਸਪੀ ਹੋ ਸਕਦੀ ਹੈ? ਕੀ ਇਨ੍ਹਾਂ ਘਟਨਾਵਾਂ ਵਿੱਚ ਦੱਖਣ-ਪੂਰਬੀ ਏਸ਼ੀਆ ਦੀ ਭੂ-ਰਾਜਨੀਤੀ ਦੀ ਵੀ ਕੋਈ ਭੂਮਿਕਾ ਹੈ?’’

Video