ਆਕਲੈਂਡ ਦੇ ਮੁਰੀਵੇਅ ਬੀਚ ‘ਤੇ ਸਾਈਕਲੋਨ ਗੈਬਰੀਆਲ ਦੇ ਕਹਿਰ ਤੋਂ ਇੱਕ ਮਹਿਲਾ ਤੇ ਉਸਦੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਾਰੇ ਗਏ ਵਲੰਟੀਅਰ ਫਾਇਰ ਫਾਈਟਰ ਡੈਵ ਵੈਨ ਦਾ ਅੱਜ ਵਿਸ਼ੇਸ਼ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ। ਬੀਤੇ ਸੋਮਵਾਰ ਡੈਵ ਉਸ ਵੇਲੇ ਲਾਪਤਾ ਹੋ ਗਿਆ, ਜਦੋਂ ਆਕਲੈਂਡ ਦੇ ਮੁਰੀਵੇਅ ਬੀਚ ‘ਤੇ ਉਹ ਇੱਕ ਮਹਿਲਾ ਦੇ ਘਰ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਘਰ ਦੇ ਪਿੱਛੇ ਇੱਕ ਰਸਤਾ ਬਣਾ ਰਿਹਾ ਸੀ, ਪਰ ਢਿੱਗ ਡਿੱਗਣ ਕਾਰਨ ਡੈਵ ਮਲਬੇ ਵਿੱਚ ਲਾਪਤਾ ਹੋ ਗਿਆ ਤੇ ਅਗਲੇ ਦਿਨ ਉਸਦੀ ਮ੍ਰਿਤਕ ਦੇਹ ਐਮਰਜੈਂਸੀ ਵਿਭਾਗ ਵਾਲਿਆਂ ਨੂੰ ਮਿਲੀ। ਡੈਵ ਦਾ ਸਾਥੀ ਫਾਇਰ ਫਾਈਟਰ ਕਰੈਗ ਸਟੀਵਨਜ਼ ਵੀ ਇਸ ਘਟਨਾ ਵਿੱਚ ਜਖਮੀ ਹੋ ਗਿਆ ਸੀ ਤੇ ਹਸਪਤਾਲ ਵਿੱਚ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮੌਕੇ ਸਨਮਾਨ ਵਜੋਂ ਡੈਵ ਦੇ ਤਾਬੂਤ ‘ਤੇ ਨਿਊਜੀਲੈਂਡ ਦਾ ਝੰਡਾ ਵੀ ਰੱਖਿਆ ਗਿਆ ਸੀ। ਡੈਵ ਨੂੰ ਨਿਊਜੀਲੈਂਡ ਵੱਸਦਾ ਭਾਈਚਾਰਾ ਇੱਕ ਬਹੁਤ ਹੀ ਨੇਕ ਰੂਹ ਵਜੋਂ ਹਮੇਸ਼ਾ ਹੀ ਯਾਦ ਰੱਖੇਗਾ।