ਲਖਨਊ ਸੁਪਰਜਾਇੰਟਜ਼ ਦੇ ਕਪਤਾਨ ਕੇਐੱਲ ਰਾਹੁਲ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਲੈਅ ਵਿਚ ਸਨ ਪਰ ਉਨ੍ਹਾਂ ਦੇ ਬੱਲੇ ਤੋਂ ਆਈਪੀਐੱਲ ਵਿਚ ਦੌੜਾਂ ਨਿਕਲੀਆਂ ਤਾਂ ਲੱਗਾ ਕਿ ਉਹ ਬੁਰੇ ਦੌਰ ’ਚੋਂ ਬਾਹਰ ਨਿਕਲ ਰਹੇ ਹਨ।
ਰਾਹੁਲ ਦੌੜਾਂ ਤਾਂ ਬਣਾ ਰਹੇ ਹਨ ਪਰ ਜਿਸ ਹੌਲੀ ਰਫ਼ਤਾਰ ਨਾਲ ਉਹ ਖੇਡ ਰਹੇ ਹਨ ਉਹ ਉਨ੍ਹਾਂ ਦੀ ਟੀਮ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਰਾਹੁਲ ਨੇ ਸ਼ਨਿਚਰਵਾਰ ਨੂੰ ਗੁਜਰਾਤ ਟਾਈਟਨਜ਼ ਖ਼ਿਲਾਫ਼ ਖੇਡੇ ਗਏ ਮੈਚ ਵਿਚ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਨ੍ਹਾਂ ਦੀ ਬੱਲੇਬਾਜ਼ੀ ਇੰਨੀ ਹੌਲੀ ਰਹੀ ਕਿ ਟੀਮ ਆਖ਼ਰੀ ਓਵਰ ਵਿਚ ਜਾ ਕੇ ਸੱਤ ਦੌੜਾਂ ਨਾਲ ਮੁਕਾਬਲਾ ਹਾਰ ਗਈ।
ਗੁਜਰਾਤ ਦੇ 135 ਦੌੜਾਂ ਦੇ ਆਮ ਟੀਚੇ ਦੇ ਸਾਹਮਣੇ ਲਖਨਊ ਦੀ ਟੀਮ 20 ਓਵਰਾਂ ਵਿਚ ਸੱਤ ਵਿਕਟਾਂ ’ਤੇ 128 ਦੌੜਾਂ ਹੀ ਬਣਾ ਸਕੀ। ਗੁਜਰਾਤ ਨੇ ਇਸ ਸੈਸ਼ਨ ਵਿਚ ਸਭ ਤੋਂ ਘੱਟ ਸਕੋਰ ਦਾ ਕਾਮਯਾਬੀ ਨਾਲ ਬਚਾਅ ਕੀਤਾ ਹੈ।
14 ਓਵਰਾਂ ਵਿਚ ਇਕ ਵਿਕਟ ’ਤੇ 105 ਦੌੜਾਂ ਬਣਾ ਕੇ ਜਿੱਤ ਦੇ ਦਰਵਾਜ਼ੇ ’ਤੇ ਖੜ੍ਹੀ ਲਖਨਊ ਸੁਪਰ ਜਾਇੰਟਜ਼ ਦੀ ਟੀਮ ਆਖ਼ਰ ਦੇ ਛੇ ਓਵਰਾਂ ਵਿਚ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਆਖ਼ਰ ਦੇ ਛੇ ਓਵਰਾਂ ਵਿਚ ਲਖਨਊ ਨੇ 23 ਦੌੜਾਂ ਬਣਾ ਕੇ ਛੇ ਵਿਕਟਾਂ ਗੁਆ ਦਿੱਤੀਆਂ।
ਲਖਨਊ ਨੂੰ ਆਖ਼ਰੀ ਓਵਰ ਵਿਚ ਜਿੱਤ ਲਈ 12 ਦੌੜਾਂ ਚਾਹੀਦੀਆਂ ਸਨ ਪਰ ਮੋਹਿਤ ਸ਼ਰਮਾ ਨੇ ਲਗਾਤਾਰ ਦੋ ਗੇਂਦਾਂ ’ਤੇ ਕੇਐੱਲ ਰਾਹੁਲ ਤੇ ਮਾਰਕਸ ਸਟੋਈਨਿਸ ਨੂੰ ਪਵੇਲੀਅਨ ਭੇਜ ਕੇ ਗੁਜਰਾਤ ਟਾਈਟਨਜ਼ ਦੀ ਜ਼ੋਰਦਾਰ ਵਾਪਸੀ ਕਰਵਾਈ।
ਇਸ ਤੋਂ ਬਾਅਦ ਅਗਲੀਆਂ ਦੋ ਗੇਂਦਾਂ ’ਤੇ ਦੀਪਕ ਹੁੱਡਾ ਤੇ ਆਯੁਸ਼ ਬਾਦੋਨੀ ਰਨ ਆਊਟ ਹੋ ਗਏ ਤੇ ਮੈਚ ਮੇਜ਼ਬਾਨਾਂ ਦੇ ਹੱਥ ’ਚੋਂ ਨਿਕਲ ਗਿਆ।
ਜਦ ਗੁਜਰਾਤ ਨੇ ਲਖਨਊ ਨੂੰ 136 ਦੌੜਾਂ ਦਾ ਟੀਚਾ ਦਿੱਤਾ ਤਾਂ ਸ਼ਾਇਦ ਹੀ ਦਰਸ਼ਕਾਂ ਨੂੰ ਅੰਦਾਜ਼ਾ ਰਿਹਾ ਹੋਵੇਗਾ ਕਿ ਇੰਨੀਆਂ ਘੱਟ ਦੌੜਾਂ ’ਤੇ ਅਜਿਹਾ ਰੋਮਾਂਚਕ ਮੈਚ ਦੇਖਣ ਨੂੰ ਮਿਲੇਗਾ। 14 ਓਵਰਾਂ ਤਕ ਮੈਚ ਲਖਨਊ ਦੇ ਪੱਖ ਵਿਚ ਸੀ ਤੇ ਆਖ਼ਰ ਵਿਚ ਜਾ ਕੇ ਮੈਚ ਦਾ ਰੁਖ਼ ਪਲ਼ਟ ਗਿਆ।
ਰਾਹੁਲ ਨੇ ਲਗਾਤਾਰ ਦੂਜੇ ਮੈਚ ਵਿਚ ਪਹਿਲਾ ਓਵਰ ਮੇਡਨ ਖੇਡਿਆ ਪਰ ਬਾਅਦ ਵਿਚ ਕੁਝ ਚੰਗੇ ਸ਼ਾਟ ਖੇਡ ਕੇ ਇਸ ਦੀ ਭਰਪਾਈ ਕੀਤੀ। ਹਾਲਾਂਕਿ ਵਿਚਕਾਰਲੇ ਓਵਰਾਂ ਵਿਚ ਉਨ੍ਹਾਂ ਦਾ ਬੱਲਾ ਸ਼ਾਂਤ ਬੈਠ ਗਿਆ ਤੇ ਉਹ ਟੁਕੜਿਆਂ ਵਿਚ ਦੌੜਾਂ ਬਣਾਉਂਦੇ ਰਹੇ।
ਲਖਨਊ ਦੇ ਹੱਥ ਵਿਚ ਵਿਕਟਾਂ ਬਚੀਆਂ ਸਨ ਪਰ ਰਾਹੁਲ ਹੌਲੀ ਪਾਰੀ ਖੇਡਦੇ ਰਹੇ ਜਿਸ ਨਾਲ ਟੀਮ ’ਤੇ ਦਬਾਅ ਬਣਿਆ ਤੇ ਟੀਮ ਟੀਚਾ ਹਾਸਲ ਨਹੀਂ ਕਰ ਸਕੀ।
ਪਿੱਚ ਨੇ ਕੀਤਾ ਹੈਰਾਨ :
ਇਕਾਨਾ ਸਟੇਡੀਅਮ ਦੀ ਕਾਲੀ ਮਿੱਟੀ ਦੀ ਪਿੱਚ ਦਿਖਣ ਵਿਚ ਤਾਂ ਸਪਾਟ ਲਗਦੀ ਹੈ ਪਰ ਇਸ ’ਤੇ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਹੈ। ਇਕ ਵਾਰ ਮੁੜ ਲਖਨਊ ਦੀ ਪਿੱਚ ਨੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ ਤੇ ਵੱਡੇ ਸਕੋਰ ਦੀ ਉਮੀਦ ਲੈ ਕੇ ਮੈਚ ਦੇਖਣ ਆਏ ਦਰਸ਼ਕਾਂ ਨੂੰ ਨਿਰਾਸ਼ਾ ਮਿਲੀ।