India News

ਪੰਜਾਬ ਸਰਕਾਰ ਨੇ ਪਰਾਲੀ ਦੇ ਹੱਲ ਲਈ ਦਿਖਾਈ ਗੰਭੀਰਤਾ, ਪਰਾਲੀ ਦੇ ਹੱਲ ਲਈ ਸੂਬੇ ’ਚ ਦਿੱਤੇ ਜਾਣਗੇ 3945 ਸਰਫੇਸ ਸੀਡਰ

ਪੰਜਾਬ ਸਰਕਾਰ ਪਰਾਲੀ ਦੇ ਹੱਲ ਲਈ ਕਾਫ਼ੀ ਗੰਭੀਰ ਦਿਖਾਈ ਦੇ ਰਹੀ ਹੈ। ਸਰਕਾਰ ਵੱਲੋਂ ਹੁਣ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਵੱਡੀ ਪੱਧਰ ’ਤੇ ਮਸ਼ੀਨਰੀ ਸਬਸਿਡੀ ’ਤੇ ਉਪਲੱਬਧ ਕਰਵਾਈ ਜਾਣੀ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪਰਾਲੀ ਨੂੰ ਖੇਤਾਂ ’ਚ ਅੱਗ ਨਾ ਲਗਾਈ ਜਾਵੇ ਸਗੋਂ ਇਸਦਾ ਨਿਪਟਾਰਾ ਖੇਤਾਂ ਵਿਚ ਹੀ ਕੀਤਾ ਜਾਵੇ। ਪੰਜਾਬ ਸਰਕਾਰ ਸੀਆਰਐੱਮ ਸਕੀਮ ਤਹਿਤ ਮਸ਼ੀਨਰੀ ਦੀ ਖ਼ਰੀਦ ’ਤੇ ਸਬਸਿਡੀ ਵੀ ਜਾਰੀ ਕਰਨ ਜਾ ਰਹੀ ਹੈ। ਸਰਫੇਸ ਸੀਡਰ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ।

ਪੰਜਾਬ ਸਰਕਾਰ ਕਿਸਾਨਾਂ ਨੂੰ 3945 ਸਰਫੇਸ ਸੀਡਰ ਸਬਸਿਡੀ ’ਤੇ ਮੁਹੱਈਆ ਕਰਵਾਏਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਦੱਸਿਆ ਕਿ ਸਰਕਾਰ ਜ਼ਿਲ੍ਹੇਵਾਰ ਸਰਫੇਸ ਸੀਡਰ ਤੋਂ ਇਲਾਵਾ ਹੋਰ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ’ਤੇ ਦੇਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਸਬਸਿਡੀ ’ਤੇ ਸਰਫੇਸ ਸੀਡਰ ਖ਼ਰੀਦਣਾ ਚਾਹੁੰਦੇ ਹਨ, ਉਹ 10 ਸਤੰਬਰ 2023 ਤਕ ਆਨਲਾਈਨ ਪੋਰਟਲ ’ਤੇ ਅਪਲਾਈ ਕਰ ਸਕਦੇ ਹਨ। ਜਦੋਂਕਿ ਵਿਭਾਗ ਕੋਲ ਸੂਬੇ ਵਿਚ 3945 ਸਰਫੇਸ ਸੀਡਰ ਮਸ਼ੀਨਾਂ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ 341 ਤਰਨਤਾਰਨ ਜ਼ਿਲ੍ਹੇ ਨੂੰ ਦਿੱਤੇ ਜਾਣੇ ਹਨ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਰਫੇਸ ਸੀਡਰ ਦੀ ਖ਼ਰੀਦ ’ਤੇ ਕਿਸਾਨਾਂ ਨੂੰ 40 ਹਜ਼ਾਰ ਰੁਪਏ ਅਤੇ ਗਾਹਕ ਹਾਇਰਿੰਗ ਸੈਂਟਰ ਨੂੰ 64 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ। ਸੂਬਾ ਸਰਕਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਅਤੇ ਵਾਤਾਵਰਨ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਖੇਤਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕਿਸਾਨਾਂ ਦੀ ਭਲਾਈ ਲਈ ਯਤਨਸ਼ੀਲ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬਸਿਡੀ ਵਾਲੀਆਂ ਮਸ਼ੀਨਾਂ ਦਾ ਲਾਹਾ ਚੁੱਕਣ।

ਸਰਫੇਸ ਸੀਡਰ ਦੇ ਫ਼ਾਇਦੇ

– ਇਸ ਮਸ਼ੀਨ ਦੀ ਮਦਦ ਨਾਲ ਪਰਾਲੀ ਨੂੰ ਬਿਨਾਂ ਸਾੜੇ ਤੇ ਵਾਹੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

– ਸਰਫੇਸ ਸੀਡਰ ਕੰਬਾਈਨ ਦੁਆਰਾ ਕਟਾਈ ਕੀਤੇ ਝੋਨੇ ਦੇ ਖੇਤ ਵਿਚ ਬੀਜ ਅਤੇ ਖਾਦ ਨੂੰ ਇੱਕੋ ਸਮੇਂ ਪਾਉਂਦੀ ਹੈ। ਇਸ ਤੋਂ ਇਲਾਵਾ ਇਹ ਖੜ੍ਹੇ ਝੋਨੇ ਦੇ ਨਾੜ ਨੂੰ ਕੁਤਰ ਕੇ ਖੇਤਾਂ ਵਿਚ ਬਰਾਬਰ ਮਿਲਾ ਦਿੰਦਾ ਹੈ।

– ਕਟਾਈ ਕੀਤੀ ਪਰਾਲੀ ਬੀਜਾਂ ਨੂੰ ਢੱਕ ਦਿੰਦੀ ਹੈ, ਜੋ ਬਾਅਦ ਵਿਚ ਮਚਲਚ ਦਾ ਕੰਮ ਕਰਦੀ ਹੈ, ਜਿਸ ਕਾਰਨ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਰਹਿੰਦਾ ਹੈ।

– ਲਗਪਗ ਇਕ ਹਫ਼ਤੇ ਬਾਅਦ ਕਣਕ ਪਰਾਲੀ ’ਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ।

– ਇਸ ਤਕਨੀਕ ਨਾਲ ਬੀਜੀ ਗਈ ਕਣਕ ਘੱਟ ਡਿੱਗਦੀ ਹੈ ਅਤੇ ਪਰਾਲੀ ਖੇਤ ਵਿਚ ਰਹਿ ਜਾਣ ਕਾਰਨ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ ਅਤੇ ਖਾਦ ਦੀ ਬੱਚਤ ਹੁੰਦੀ ਹੈ।

– ਸਰਫੇਸ ਸੀਡਰ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ ਅਤੇ ਇਕ ਘੰਟੇ ਵਿਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।
ਸੂਬੇ ਵਿਚ ਕੁੱਲ 3945 ਸਰਫੇਸ ਸੀਡਰ ਹਨ

ਜ਼ਿਲ੍ਹਾ ਸਰਫੇਸ ਸੀਡਰ

ਅੰਮ੍ਰਿਤਸਰ 146

ਬਰਨਾਲਾ 191

ਬਠਿੰਡਾ 290

ਫਰੀਦਕੋਟ 141

ਫ਼ਤਹਿਗੜ੍ਹ ਸਾਹਿਬ 151

ਫਾਜ਼ਿਲਕਾ 138

ਫ਼ਿਰੋਜ਼ਪੁਰ 87

ਗੁਰਦਾਸਪੁਰ 141

ਹੁਸ਼ਿਆਰਪੁਰ 106

ਜਲੰਧਰ 274

ਕਪੂਰਥਲਾ 87

ਲੁਧਿਆਣਾ 391

ਮਾਨਸਾ 253

ਮੋਗਾ 131

ਪਠਾਨਕੋਟ 151

ਪਟਿਆਲਾ 261

ਰੋਪੜ 118

ਸੰਗਰੂਰ 207

ਐੱਸਏਐੱਸ ਨਗਰ 137

ਐੱਸਬੀਐੱਸ ਨਗਰ 83

ਮੁਕਤਸਰ 120

ਤਰਨਤਾਰਨ 341

ਕੁੱਲ 3945

Video