ਭਾਰਤੀ ਟੀਮ ਦੀਆਂ ਟੇਬਲ ਟੈਨਿਸ ਖਿਡਾਰਨਾਂ ਸੁਤੀਰਥ ਮੁਖਰਜੀ ਅਤੇ ਅਹਿਕਾ ਮੁਖਰਜੀ ਦਾ ਸ਼ਾਨਦਾਰ ਸਫਰ ਏਸ਼ਿਆਈ ਖੇਡਾਂ ਵਿਚ ਮਹਿਲਾ ਡਬਲਜ਼ ਵਿਚ ਸੋਮਵਾਰ ਨੂੰ ਸਮਾਪਤ ਹੋਇਆ, ਜਿੱਥੇ ਉਨ੍ਹਾਂ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਏਸ਼ਿਆਈ ਖੇਡਾਂ ਵਿਚ ਟੇਬਲ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਤਗਮਾ ਜਿੱਤਿਆ ਹੈ। ਸੁਤੀਰਥ/ਅਹਿਕਾ ਦੀ ਜੋੜੀ ਨੂੰ ਸੋਮਵਾਰ ਨੂੰ ਉੱਤਰੀ ਕੋਰੀਆ ਦੇ ਸੁਯੋਂਗ ਚਾ ਅਤੇ ਸੁਗਯੋਂਗ ਪਾਕ ਦੇ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੁਕਾਬਲਾ ਕਰੀਬ ਇੱਕ ਘੰਟੇ ਤੱਕ ਚੱਲਿਆ।
ਕੀ ਰਿਹਾ ਸਕੋਰ
ਭਾਰਤ ਨੂੰ ਸਖ਼ਤ ਮੁਕਾਬਲੇ ਵਿਚ ਉੱਤਰੀ ਕੋਰੀਆ ਹੱਥੋਂ 11-7, 8-11, 11-7, 8-11, 9-11, 11-5 ਅਤੇ 2-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫੈਸਲਾਕੁਨ ਸੱਤਵੇਂ ਮੈਚ ‘ਚ ਭਾਰਤੀ ਜੋੜੀ ਉੱਤਰੀ ਕੋਰੀਆਈ ਜੋੜੀ ਦੇ ਸਾਹਮਣੇ ਪੂਰੀ ਤਰ੍ਹਾਂ ਫਿੱਕੀ ਨਜ਼ਰ ਆਈ। ਫਿਰ ਵੀ ਭਾਰਤ ਨੇ ਉੱਤਰੀ ਕੋਰੀਆਈ ਜੋੜੀ ਨੂੰ ਸਖ਼ਤ ਮੁਕਾਬਲਾ ਦਿੱਤਾ।
ਯਾਦਗਾਰੀ ਬਣਿਆ ਕੁਆਰਟਰ ਫਾਈਨਲ ਮੈਚ
ਭਾਰਤੀ ਜੋੜੀ ਦੀ ਏਸ਼ਿਆਈ ਖੇਡਾਂ 2023 ਦੀ ਮੁਹਿੰਮ ਦੀ ਸਭ ਤੋਂ ਅਹਿਮ ਗੱਲ ਕੁਆਰਟਰ ਫਾਈਨਲ ਵਿਚ ਚੀਨ ਨੂੰ ਹਰਾਉਣਾ ਸੀ। ਸੁਤੀਰਥ ਅਤੇ ਅਹੀਕਾ ਨੇ ਕੁਆਰਟਰ ਫਾਈਨਲ ਵਿਚ ਚੀਨ ਦੇ ਚੇਨ ਮੇਂਗ ਅਤੇ ਯੀਦੀ ਵਾਂਗ ਨੂੰ ਹਰਾਇਆ। ਇਹ ਜਿੱਤ ਭਾਰਤੀ ਟੇਬਲ ਟੈਨਿਸ ਪ੍ਰਸ਼ੰਸਕਾਂ ਲਈ ਸ਼ਾਨਦਾਰ ਰਹੀ।
ਜਿੱਤਿਆ ਤਗਮਾ
ਸੁਤੀਰਥ-ਅਹਿਕਾ ਦੇ ਕਾਂਸੀ ਦੇ ਤਗਮੇ ਨਾਲ ਏਸ਼ਿਆਈ ਖੇਡਾਂ 2023 ਵਿੱਚ ਭਾਰਤ ਦੀ ਟੇਬਲ ਟੈਨਿਸ ਮੁਹਿੰਮ ਦਾ ਅੰਤ ਹੋਇਆ। ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਟੇਬਲ ਟੈਨਿਸ ਵਿਚ ਇਕਮਾਤਰ ਤਗਮਾ ਜਿੱਤਿਆ ਹੈ।