ਭਾਰਤੀ ਪੁਰਸ਼ ਕਬੱਡੀ ਟੀਮ ਨੇ ਵਿਵਾਦਪੂਰਨ ਫਾਈਨਲ ਵਿਚ ਅੰਪਾਇਰਾਂ, ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਵਿਚਾਲੇ ਲਗਭਗ ਇਕ ਘੰਟੇ ਦੀ ਬਹਿਸ ਤੋਂ ਬਾਅਦ ਸਾਬਕਾ ਚੈਂਪੀਅਨ ਈਰਾਨ ਨੂੰ 33-29 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ, ਜਦਕਿ ਔਰਤਾਂ ਨੇ ਵੀ ਚੀਨੀ ਤਾਇਪੇ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।
ਵਿਰੋਧ ’ਚ ਕੋਰਟ ’ਤੇ ਬੈਠੇ ਖਿਡਾਰੀ
ਪੁਰਸ਼ਾਂ ਦੇ ਮੈਚ ਦੇ ਆਖਰੀ ਮਿੰਟਾਂ ਵਿਚ ਅੰਕਾਂ ਨੂੰ ਲੈ ਕੇ ਵਿਵਾਦ ਤੋਂ ਬਾਅਦ ਇਸਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਜਦੋਂ ਇਕ ਮਿੰਟ ਅਤੇ ਪੰਜ ਸੈਕਿੰਡ ਦਾ ਮੈਚ ਬਾਕੀ ਸੀ ਤਾਂ ਦੋਵਾਂ ਟੀਮਾਂ ਦਾ ਸਕੋਰ 28-28 ਨਾਲ ਬਰਾਬਰ ਸੀ ਪਰ ਆਖਰੀ ਮਿੰਟ ਵਿਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਭਾਰਤੀ ਕਪਤਾਨ ਪਵਨ ਸਹਿਰਾਵਤ ਕਰੋ ਜਾਂ ਮਰੋ ਦੀ ਰੇਡ ਲਈ ਉਤਰੇ। ਸਹਿਰਾਵਤ ਬਿਨਾਂ ਕਿਸੇ ਖਿਡਾਰੀ ਨੂੰ ਛੂਹੇ ਬਾਊਂਡਰੀ ਤੋਂ ਬਾਹਰ ਚਲੇ ਗਏ। ਇਸ ਦੌਰਾਨ ਈਰਾਨ ਦੇ ਅਮੀਰਹੋਸੈਨ ਬਸਤਾਮੀ ਅਤੇ ਤਿੰਨ ਹੋਰ ਡਿਫੈਂਡਰਾਂ ਨੇ ਉਸ ਨੂੰ ਧੱਕਾ ਦੇ ਕੇ ਬਾਹਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਸਕੋਰ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਸਪੱਸ਼ਟ ਨਹੀਂ ਸੀ ਕਿ ਸਹਿਰਾਵਤ ਨਾਲ ਸਫਲਤਾਪੂਰਵਕ ਨਿਪਟਾ ਗਿਆ ਸੀ ਅਤੇ ਇਹ ਵੀ ਭੰਬਲਭੂਸਾ ਸੀ ਕਿ ਕਿਹੜਾ ਨਿਯਮ ਲਾਗੂ ਕੀਤਾ ਜਾਣਾ ਚਾਹੀਦਾ ਹੈ, ਪੁਰਾਣਾ ਜਾਂ ਨਵਾਂ।
ਨਵੇਂ ਨਿਯਮ ਮੁਤਾਬਕ ਸਹਿਰਾਵਤ ਬਾਹਰ ਸੀ ਪਰ ਪੁਰਾਣੇ ਨਿਯਮ ਮੁਤਾਬਕ ਸਹਿਰਾਵਤ ਅਤੇ ਉਸ ਦੇ ਮਗਰ ਆਉਣ ਵਾਲੇ ਸਾਰੇ ਈਰਾਨੀ ਖਿਡਾਰੀਆਂ ਨੂੰ ਵੀ ਖੇਡ ਤੋਂ ਬਾਹਰ ਮੰਨਿਆ ਗਿਆ। ਇਸ ਨਿਯਮ ਨਾਲ ਭਾਰਤ ਨੂੰ ਚਾਰ ਅਤੇ ਈਰਾਨ ਨੂੰ ਇਕ ਅੰਕ ਮਿਲਿਆ। ਭਾਰਤ ਅਤੇ ਈਰਾਨ ਦੇ ਪੱਖ ’ਚ ਫੈਸਲੇ ਨੂੰ ਲੈ ਕੇ ਅਧਿਕਾਰੀਆਂ ’ਚ ਹੋਈ ਤਕਰਾਰ ਦਰਮਿਆਨ ਬੇਮਿਸਾਲ ਸਥਿਤੀ ’ਚ ਜਦੋਂ ਫੈਸਲਾ ਉਨ੍ਹਾਂ ਦੇ ਖਿਲਾਫ ਗਿਆ ਤਾਂ ਦੋਵਾਂ ਟੀਮਾਂ ਦੇ ਖਿਡਾਰੀ ਵਿਰੋਧ ’ਚ ਕੋਰਟ ’ਤੇ ਬੈਠ ਗਏ। ਦੋਵਾਂ ਧਿਰਾਂ ਵੱਲੋਂ ਕਾਫੀ ਵਿਚਾਰ-ਵਟਾਂਦਰਾ, ਚਰਚਾ ਅਤੇ ਬਹਿਸ ਤੋਂ ਬਾਅਦ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਬਾਅਦ ਵਿਚ ਭਾਰਤ ਦੇ ਹੱਕ ਵਿਚ ਫੈਸਲਾ ਸੁਣਾਇਆ ਅਤੇ ਸਕੋਰਲਾਈਨ 32-29 ਹੋ ਗਈ।
ਇਸ ਤੋਂ ਪਹਿਲਾਂ, ਮਹਿਲਾ ਟੀਮ ਨੇ ਨਾਟਕੀ ਫਾਈਨਲ ਵਿਚ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਦੇਸ਼ ਨੂੰ ਇਨ੍ਹਾਂ ਖੇਡਾਂ ਵਿਚ ਆਪਣਾ 100ਵਾਂ ਤਗਮਾ ਦਿਵਾਇਆ। 2010 ਵਿਚ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਹਿਲਾ ਕਬੱਡੀ ਲਈ ਇਹ ਤੀਜਾ ਸੋਨ ਤਗਮਾ ਸੀ। ਭਾਰਤ ਨੇ 2010 ਅਤੇ 2014 ਵਿਚ ਸੋਨ ਤਗ਼ਮਾ ਜਿੱਤਿਆ ਸੀ ਪਰ 2018 ਦੇ ਫਾਈਨਲ ਵਿਚ ਈਰਾਨ ਤੋਂ ਹਾਰ ਗਿਆ ਸੀ।