Sports News

 ਏਸ਼ਿਆਈ ਮਹਿਲਾ ਚੈਂਪੀਅਨਜ਼ ਟਰਾਫੀ ਹਾਕੀ ਲਈ ਭਾਰਤੀ ਟੀਮ ਐਲਾਨੀ

ਤਜਰਬੇਕਾਰ ਮਿਡਫੀਲਡਰ ਸੁਸ਼ੀਲ ਚਾਨੂ ਨੂੰ ਸੱਟ ਲੱਗਣ ਕਾਰਨ 27 ਅਕਤੂਬਰ ਤੋਂ ਪੰਜ ਨਵੰਬਰ ਤੱਕ ਰਾਂਚੀ ਵਿਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਲਈ 20 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ ਹੈ। ਰਿਓ ਓਲੰਪਿਕ ਵਿਚ ਭਾਰਤ ਦੀ ਅਗਵਾਈ ਕਰਨ ਵਾਲੀ ਸੁਸ਼ੀਲ ਹਾਲ ਹੀ ਵਿਚ ਹਾਂਗਝੂ ਏਸ਼ਿਆਈ ਖੇਡਾ ਵਿਚ ਕਾਂਸਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।

ਹਾਕੀ ਇੰਡੀਆ ਦੇ ਸੂਤਰਾਂ ਨੇ ਦੱਸਿਆ ਕਿ ਸੁਸ਼ੀਲ ਜਲਦ ਹੀ ਡਾਕਟਰ ਨਾਲ ਮਿਲ ਕੇ ਆਪਣੀ ਸੱਟ ਦੀ ਸਥਿਤੀ ਦਾ ਪਤਾ ਲਗਾਏਗੀ। ਸੂਤਰਾਂ ਨੇ ਕਿਹਾ ਕਿ ਸੁਸ਼ੀਲ ਨੂੰ ਆਰਾਮ ਦਿੱਤਾ ਗਿਆ ਹੈ ਕਿਉਂਕਿ ਉਸ ਜ਼ਖਮੀ ਹੈ। ਉਸ ਨੂੰ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਸੁਸ਼ੀਲ ਟੀਮ ਦੀ ਮਹੱਤਵਪੂਰਨ ਮੈਂਬਰ ਹੈ ਤੇ ਉਸਦਾ ਆਗਾਮੀ ਟੂਰਨਾਮੈਂਟਾਂ ਤੋਂ ਪਹਿਲਾਂ ਫਿੱਟ ਹੋਣਾ ਜ਼ਰੂਰੀ ਹੈ।

ਬਲਜੀਤ ਕੌਰ ਨੂੰ ਸੁਸ਼ੀਲ ਦੀ ਜਗ੍ਹਾ ਟੀਮ ਵਿਚ ਲਿਆ ਗਿਆ ਹੈ। ਏਸ਼ਿਆਈ ਖੇਡਾਂ ਦੀ ਟੀਮ ਵਿਚ ਸ਼ਾਮਲ ਵੈਸ਼ਨਵੀ ਵਿਠਲ ਫਾਲਕੇ ਨੂੰ ਸ਼ਰਮਿਲਾ ਦੇਵੀ ਦੇ ਨਾਲ ਬੈਕਅਪ ਬਦਲ ਦੇ ਰੂਪ ਵਿਚ ਰੱਖਿਆ ਗਿਆ ਹੈ। ਸੁਸ਼ੀਲ ਤੋਂ ਇਲਾਵਾ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ ਟੀਮ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਡਿਫੈਂਡਰ ਦੀ ਗ੍ਰੇਸ ਇੱਕਾ ਪਹਿਲਾਂ ਦੀ ਤਰ੍ਹਾਂ ਟੀਮ ਦੀ ਉਪ ਕਪਤਾਨ ਬਣੀ ਰਹੇਗੀ।

ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਭਾਰਤ ਤੋਂ ਇਲਾਵਾ ਜਾਪਾਨ, ਚੀਨ ਕੋਰੀਆ, ਮਲੇਸ਼ੀਆ ਤੇ ਥਾਈਲੈਂਡ ਹੋਰ ਹਿੱਸਾ ਲੈਣ ਵਾਲੇ ਦੇਸ਼ ਹਨ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਥਾਈਲੈਂਡ ਦੇ ਵਿਰੁੱਧ ਕਰੇਗਾ। ਇਸ ਤੋਂ ਬਾਅਦ ਉਹ ਮਲੇਸ਼ੀਆ (28 ਅਕਤੂਬਰ), ਚੀਨ (30 ਅਕਤੂਬਰ), ਜਾਪਾਨ (31 ਅਕਤੂਬਰ) ਤੇ ਕੋਰੀਆ ‘ਦੋ ਨਵੰਬਰ) ਦੇ ਵਿਰੁੱਧ ਮੈਚ ਖੇਡੇਗਾ। ਭਾਰਤ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ ਕਿ ਲੈਅ ਬਣਾਈ ਰੱਖਣਾ ਤੇ ਟੀਮ ਦੇ ਰੂਪ ਵਿਚ ਸੁਧਾਰ ਜਾਰੀ ਰੱਖਣਾ ਮਹੱਤਵਪੂਰਨ ਹੈ।

ਅਸੀਂ ਏਸ਼ਿਆਈ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਕਾਂਸਾ ਤਗਮਾ ਜਿੱਤਿਆ ਸੀ ਤੇ ਆਗਾਮੀ ਟੂਰਨਾਮੈਂਟ ਵਿਚ ਸਾਨੂੰ ਆਪਣੇ ਏਸ਼ਿਆਈ ਵਿਰੋਧੀਆਂ ਦੇ ਵਿਰੁੱਧ ਆਪਣੀ ਸਥਿਤੀ ਵਿਚ ਸੁਧਾਰ ਕਰਨ ਦਾ ਇਕ ਹੋਰ ਮੌਕਾ ਮਿਲੇਗਾ।

Video