Sports News

ਕਲੀਨ ਸਵੀਪ ਕਰਨ ਉਤਰੇਗੀ ਟੀਮ ਇੰਡੀਆ, ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਮੈਚ ਅੱਜ

ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਤੇ ਆਖਰੀ ਟੈਸਟ ‘ਚ ਭਾਰਤੀ ਟੀਮ ਦੀਆਂ ਨਜ਼ਰਾਂ ‘ਕਲੀਨ ਸਵੀਪ’ ‘ਤੇ ਹੋਣਗੀਆਂ, ਜਦਕਿ ਅਜਿੰਕਿਆ ਰਹਾਨੇ ਵੱਡੀ ਪਾਰੀ ਖੇਡ ਕੇ ਆਪਣੇ ਕਰੀਅਰ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ‘ਚ ਹੋਵੇਗਾ। ਇਹ ਮੈਚ ਦੋਵਾਂ ਟੀਮਾਂ ਵਿਚਾਲੇ 100ਵਾਂ ਟੈਸਟ ਵੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਇਹ ਵੱਡਾ ਮੌਕਾ ਹੈ ਤੇ ਉਨ੍ਹਾਂ ਦੀ ਟੀਮ ਪਹਿਲੇ ਮੈਚ ਦੀ ਤਰ੍ਹਾਂ ਆਪਣਾ ਦਬਦਬਾ ਬਣਾਏ ਰੱਖਣ ਦੀ ਕੋਸ਼ਿਸ਼ ਕਰੇਗੀ। ਡੋਮੀਨਿਕਾ ‘ਚ ਪਹਿਲੇ ਮੈਚ ‘ਚ ਭਾਰਤ ਨੇ ਇਕ ਪਾਰੀ ਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਟੈਸਟ ਤੋਂ ਬਾਅਦ ਭਾਰਤ ਨੂੰ ਹੁਣ ਦਸੰਬਰ-ਜਨਵਰੀ ‘ਚ ਹੀ ਦੱਖਣੀ ਅਫਰੀਕਾ ਦੌਰੇ ‘ਤੇ ਟੈਸਟ ਮੈਚ ਖੇਡਣਾ ਹੈ। ਭਾਵ ਰਹਾਣੇ ਵਰਗੇ ਖਿਡਾਰੀਆਂ ਲਈ ਉਸ ਸੀਰੀਜ਼ ਦੇ ਲਈ ਦਾਅਵਾ ਮਜ਼ਬੂਤ ਕਰਨ ਲਈ ਆਖਰੀ ਮੌਕਾ ਹੋਵੇਗਾ।

ਪਿਛਲੇ 18 ਮਹੀਨਿਆਂ ‘ਚ ਪਹਿਲਾ ਟੈਸਟ ਖੇਡਦੇ ਹੋਏ ਰਹਾਨੇ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਡੋਮੀਨਿਕਾ ‘ਚ ਮੌਕਾ ਨਾ ਮਿਲ ਸਕਿਆ ਕਿਉਂਕਿ ਭਾਰਤ ਨੇ ਇਕ ਪਾਰੀ ‘ਚ ਹੀ ਬੱਲੇਬਾਜ਼ੀ ਕੀਤੀ। ਅਜਿਹੀ ਮਜ਼ਬੂਤ ਸੰਭਾਵਨਾ ਹੈ ਕਿ ਭਾਰਤੀ ਟੀਮ ਇਕ ਵਾਰ ਫਿਰ ਇਕ ਵਾਰ ਹੀ ਬੱਲੇਬਾਜ਼ੀ ਕਰੇਗੀ। ਅਜਿਹੇ ‘ਚ ਰਹਾਨੇ ਨੂੰ ਪੂਰਾ ਫਾਇਦਾ ਉਠਾਉਣਾ ਹੋਵੇਗਾ ਕਿਉਂਕਿ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਸ਼੍ਰੇਅਸ ਅਈਅਰ ਵੀ ਫਿਟ ਹੋ ਜਾਵੇਗਾ। ਸ਼ੁਭਮਨ ਗਿੱਲ ਤੀਜੇ ਨੰਬਰ ‘ਤੇ ਉਤਰਨ ਤੋਂ ਬਾਅਦ 11 ਗੇਂਦਾਂ ਹੀ ਖੇਡ ਸਕਿਆ ਤੇ ਉਹ ਵੀ ਵੱਡੀ ਪਾਰੀ ਖੇਡਣ ਲਈ ਉਤਸ਼ਾਹਿਤ ਹੈ।

ਵਿਰਾਟ ਕੋਹਲੀ, ਜੋ ਦਸੰਬਰ 2018 ਤੋਂ ਬਾਅਦ ਵਿਦੇਸ਼ ‘ਚ ਸੈਂਕੜਾ ਨਹੀਂ ਬਣਾ ਸਕਿਆ, ਉਹ ਇਸ ਕਮੀ ਨੂੰ ਪੂਰਾ ਕਰਨਾ ਚਾਹੇਗਾ। ਇਸ ਦੇ ਨਾਲ ਹੀ ਡੈਬਿਊ ਟੈਸਟ ‘ਚ ਆਪਣੀ ਪਹਿਲੀ ਦੌੜ ਬਣਾਉਣ ਲਈ 20 ਗੇਂਦਾਂ ਤੱਕ ਇੰਤਜ਼ਾਰ ਕਰਨ ਵਾਲੇ ਈਸ਼ਾਨ ਕਿਸ਼ਨ ਵੀ ਮੌਕੇ ਦਾ ਇੰਤਜ਼ਾਰ ਕਰੇਗਾ।

ਭਾਰਤੀ ਟੀਮ ‘ਚ ਜ਼ਿਆਦਾ ਬਦਲਾਅ ਦੀ ਗੁੰਜਾਇਸ਼ ਨਹੀਂ ਹੈ ਪਰ ਦੇਖਣਾ ਹੋਵੇਗਾ ਕਿ ਘੱਟ ਪ੍ਰਦਰਸ਼ਨ ਕਰ ਰਹੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਫਿਰ ਤੋਂ ਮੌਕਾ ਮਿਲਦਾ ਹੈ ਜਾਂ ਨਹੀਂ। 31 ਸਾਲਾ ਉਨਾਦਕਟ ਨੇ 13 ਸਾਲਾਂ ‘ਚ ਸਿਰਫ ਤਿੰਨ ਟੈਸਟ ਖੇਡੇ ਹਨ। ਡੋਮੀਨਿਕਾ ‘ਚ ਉਸ ਨੂੰ ਇਕ ਵੀ ਵਿਕਟ ਨਹੀਂ ਮਿਲੀ ਅਤੇ ਸਿਰਫ 9 ਓਵਰ ਗੇਂਦਬਾਜ਼ੀ ਕੀਤੀ। ਇਸ ਮੈਚ ‘ਚ ਵੀ ਪਿੱਚ ਬਦਲਣ ਦੀ ਸੰਭਾਵਨਾ ਹੈ। ਅਜਿਹੇ ‘ਚ ਭਾਰਤੀ ਟੀਮ ਉਨਾਦਕਟ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਕਿਸੇ ਹੋਰ ਸਪਿਨਰ ਦੇ ਰੂਪ ‘ਚ ਲੈ ਸਕਦੀ ਹੈ।

ਇਸ ਤਰ੍ਹਾਂ ਹਨ ਟੀਮਾਂ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਨੇ, ਕੇਐੱਸ ਭਰਤ, ਈਸ਼ਾਨ ਕਿਸ਼ਨ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜੇ. ਉਨਾਦਕਟ, ਨਵਦੀਪ ਸੈਣੀ।

ਵੈਸਟਇੰਡੀਜ਼ : ਕ੍ਰੈਗ ਬ੍ਰੈਥਵੇਟ (ਕਪਤਾਨ), ਜਰਮੇਨ ਬਲੈਕਵੁੱਡ, ਐਲਿਕ ਅਥਾਨਾਜੇ, ਤੇਗਨਾਰਾਇਣ ਚੰਦਰਪਾਲ, ਰਹਿਕੀਮ ਕਾਰਨਵਾਲ, ਜੋਸ਼ੂਆ ਡੀ ਸਿਲਵਾ, ਸ਼ੈਨਨ ਗੈਬਰੀਅਲ, ਜੇਸਨ ਹੋਲਡਰ, ਅਲਜ਼ਾਰੀ ਜੋਸੇਫ, ਕਿਰਕ ਮੈਕੇਂਜ਼ੀ, ਕੇਵਿਨ ਸਿੰਕਲੇਅਰ, ਕੇਮਾਰ ਰੋਚ, ਜੋਮੇਲ ਵਾਰਿਕਨ।

Video